Australian of the Year (ਸਾਲ ਦਾ ਆਸਟ੍ਰੇਲੀਆਈ)
ਟੈਸਟ ਵਿੱਚ ਨਹੀਂ ਇਹ ਹਿੱਸਾ ਪੜ੍ਹਨ ਯੋਗ ਹੈ, ਪਰ ਸਿਟੀਜ਼ਨਸ਼ਿਪ ਟੈਸਟ ਇਸ ਬਾਰੇ ਕਦੇ ਨਹੀਂ ਪੁੱਛਦਾ।
1960 ਤੋਂ, ਆਸਟ੍ਰੇਲੀਅਨ ਆਫ ਦ ਈਅਰ ਪੁਰਸਕਾਰ ਮੋਹਰੀ ਆਸਟ੍ਰੇਲੀਅਨਾਂ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਦਾ ਜਸ਼ਨ ਮਨਾਉਂਦੇ ਆ ਰਹੇ ਹਨ। ਕੋਈ ਵੀ ਵਿਅਕਤੀ ਜੀਵਨ ਦੇ ਕਿਸੇ ਵੀ ਖੇਤਰ ਦੇ ਕਿਸੇ ਆਸਟ੍ਰੇਲੀਅਨ ਨੂੰ ਪੁਰਸਕਾਰ ਲਈ ਨਾਮਜ਼ਦ ਕਰ ਸਕਦਾ ਹੈ।
ਆਸਟ੍ਰੇਲੀਅਨਜ਼ ਆਫ ਦ ਈਅਰ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਕੰਮ ਵਿੱਚ ਉੱਤਮਤਾ ਹਾਸਲ ਕੀਤੀ ਅਤੇ ਕੌਮ ਦੀ ਸੇਵਾ ਕੀਤੀ। ਉਹ ਸਾਨੂੰ ਪ੍ਰੇਰਿਤ ਕਰਦੇ ਹਨ ਅਤੇ ਬਿਹਤਰ ਆਸਟ੍ਰੇਲੀਆ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਚੁਣੌਤੀ ਦਿੰਦੇ ਹਨ।
ਇਨ੍ਹਾਂ ਪੁਰਸਕਾਰਾਂ ਵਿੱਚ ਯੰਗ ਆਸਟ੍ਰੇਲੀਅਨ ਆਫ ਦ ਈਅਰ, ਸੀਨੀਅਰ ਆਸਟ੍ਰੇਲੀਅਨ ਆਫ ਦ ਈਅਰ ਅਤੇ ਆਸਟ੍ਰੇਲੀਆਜ਼ ਲੋਕਲ ਹੀਰੋ (Australia's Local Hero) ਸ਼ਾਮਲ ਹਨ।
ਮੌਜੂਦਾ ਅਤੇ ਪਿਛਲੇ ਜੇਤੂਆਂ ਦੀ ਸੂਚੀ www.australianoftheyear.org.au 'ਤੇ ਉਪਲਬਧ ਹੈ।
ਡਾ. ਜੇਮਜ਼ ਮਿਊਕੇ AM (Dr James Muecke AM)
ਅੱਖਾਂ ਦੇ ਸਰਜਨ ਅਤੇ ਅੰਨ੍ਹੇਪਣ ਦੀ ਰੋਕਥਾਮ ਦੇ ਮੋਢੀ, 2020 ਦੇ ਆਸਟ੍ਰੇਲੀਅਨ ਆਫ ਦ ਈਅਰ
ਡਾ. ਮਿਊਕੇ ਸਾਈਟ ਫ਼ੌਰ ਆਲ (Sight For All) ਦੇ ਸਹਿ-ਸੰਸਥਾਪਕ ਹਨ, ਜੋ ਇੱਕ ਦਾਨੀ ਸੰਸਥਾ ਹੈ ਅਤੇ ਜਿਸ ਦਾ ਟੀਚਾ ਖੋਜ, ਸਿੱਖਿਆ, ਬੁਨਿਆਦੀ ਢਾਂਚੇ ਅਤੇ ਭਾਈਵਾਲ ਦੇਸ਼ਾਂ ਵਿੱਚ ਸਾਥੀਆਂ ਦੀ ਸਿਖਲਾਈ ਰਾਹੀਂ ਅੰਨ੍ਹੇਪਣ ਨੂੰ ਖ਼ਤਮ ਕਰਨਾ ਹੈ।
ਡਾ. ਮਿਊਕੇ ਦਾ ਮੰਨਣਾ ਹੈ ਕਿ ਅੰਨ੍ਹਾਪਣ ਮਨੁੱਖੀ ਹੱਕਾਂ ਦਾ ਮੁੱਦਾ ਹੈ ਅਤੇ ਉਹ ਅਜਿਹੀ ਦੁਨੀਆ ਬਣਾਉਣ ਲਈ ਕੰਮ ਕਰ ਰਹੇ ਹਨ ਜਿੱਥੇ ਹਰ ਕੋਈ ਵੇਖ ਸਕੇ।
ਪ੍ਰੋਫ਼ੈਸਰ ਮਿਸ਼ੇਲ ਸਿਮੰਸ (Michelle Simmons) (ਜਨਮ 1967)
ਕੁਆਂਟਮ ਭੌਤਿਕ ਵਿਗਿਆਨ ਦੀ ਪ੍ਰੋਫ਼ੈਸਰ, 2018 ਦੀ ਆਸਟ੍ਰੇਲੀਅਨ ਆਫ ਦ ਈਅਰ
ਪ੍ਰੋਫ਼ੈਸਰ ਸਿਮੰਸ ਪਰਮਾਣੂ ਇਲੈਕਟ੍ਰੌਨਿਕਸ ਅਤੇ ਕੁਆਂਟਮ ਕੰਪਿਊਟਿੰਗ ਦੀ ਮੋਢੀ ਹੈ। ਜਿਸ ਨੂੰ ਉਹ "ਕੰਪਿਊਟਿੰਗ ਯੁੱਗ ਦੀ ਪੁਲਾੜ ਦੌੜ" ਕਹਿੰਦੀ ਹੈ, ਉਸ ਵਿੱਚ ਸਭ ਤੋਂ ਅੱਗੇ ਰਹਿੰਦਿਆਂ, ਪ੍ਰੋਫ਼ੈਸਰ ਸਿਮੰਸ ਦਾ ਟੀਚਾ ਅਜਿਹਾ ਕੁਆਂਟਮ ਕੰਪਿਊਟਰ ਬਣਾਉਣਾ ਹੈ ਜੋ ਉਹ ਸਮੱਸਿਆਵਾਂ ਮਿੰਟਾਂ ਵਿੱਚ ਹੱਲ ਕਰ ਸਕੇ ਜਿਨ੍ਹਾਂ ਲਈ ਨਹੀਂ ਤਾਂ ਹਜ਼ਾਰਾਂ ਸਾਲ ਲੱਗ ਜਾਣ। ਅਜਿਹੀ ਖੋਜ ਵਿੱਚ ਦਵਾਈ ਦੇ ਡਿਜ਼ਾਈਨ, ਮੌਸਮ ਦੀ ਭਵਿੱਖਬਾਣੀ, ਆਪ-ਚਾਲਕ ਵਾਹਨਾਂ, ਬਣਾਵਟੀ ਬੁੱਧੀ ਅਤੇ ਹੋਰ ਬਹੁਤ ਕੁਝ ਵਿੱਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਹੈ।
2018 ਵਿੱਚ, ਪ੍ਰੋਫ਼ੈਸਰ ਸਿਮੰਸ ਨੂੰ ਕੁਆਂਟਮ ਸੂਚਨਾ ਵਿਗਿਆਨ ਲਈ ਉਸ ਦੇ ਕੰਮ ਅਤੇ ਸਮਰਪਣ ਸਦਕਾ ਆਸਟ੍ਰੇਲੀਅਨ ਆਫ ਦ ਈਅਰ ਚੁਣਿਆ ਗਿਆ। 2019 ਵਿੱਚ, ਉਸ ਦੀ "ਕੁਆਂਟਮ ਅਤੇ ਪਰਮਾਣੂ ਇਲੈਕਟ੍ਰੌਨਿਕਸ ਵਿੱਚ ਇੱਕ ਆਗੂ ਵਜੋਂ ਅਤੇ ਇੱਕ ਮਿਸਾਲੀ ਸ਼ਖ਼ਸੀਅਤ ਵਜੋਂ ਵਿਗਿਆਨ ਸਿੱਖਿਆ ਲਈ ਵਿਸ਼ੇਸ਼ ਸੇਵਾ" ਨੂੰ ਮਾਨਤਾ ਦਿੰਦਿਆਂ ਉਸ ਨੂੰ ਆਫ਼ੀਸਰ ਆਫ ਦ ਆਰਡਰ ਆਫ ਆਸਟ੍ਰੇਲੀਆ (Officer of the Order of Australia) ਨਿਯੁਕਤ ਕੀਤਾ ਗਿਆ।
ਸਰਕਾਰੀ ਪੁਸਤਿਕਾ Australian Citizenship: Our Common Bond ਤੋਂ