ਧਰਤੀ
ਟੈਸਟ ਵਿੱਚ ਨਹੀਂ ਇਹ ਹਿੱਸਾ ਪੜ੍ਹਨ ਯੋਗ ਹੈ, ਪਰ ਸਿਟੀਜ਼ਨਸ਼ਿਪ ਟੈਸਟ ਇਸ ਬਾਰੇ ਕਦੇ ਨਹੀਂ ਪੁੱਛਦਾ।
ਆਸਟ੍ਰੇਲੀਆ ਦੁਨੀਆ ਦੇ ਸਭ ਤੋਂ ਪੁਰਾਣੇ ਭੂ-ਖੰਡਾਂ ਵਿੱਚੋਂ ਇੱਕ ਹੈ। ਇਹ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਦੇਸ਼ ਅਤੇ ਸਭ ਤੋਂ ਵੱਡਾ ਟਾਪੂ ਦੇਸ਼ ਹੈ। ਇਹ ਸਭ ਤੋਂ ਪੱਧਰਾ ਅਤੇ ਸਭ ਤੋਂ ਖ਼ੁਸ਼ਕ ਵਸੋਂ ਵਾਲਾ ਭੂ-ਖੰਡ ਵੀ ਹੈ। ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸੇ ਵਿੱਚ ਮਾੜੀ ਮਿੱਟੀ ਅਤੇ ਘੱਟ ਵਰਖਾ ਹੈ, ਜਿਸ ਕਾਰਨ ਖੇਤੀ ਕਰਨੀ ਔਖੀ ਹੈ। ਖ਼ੁਸ਼ਕ ਅੰਦਰੂਨੀ ਇਲਾਕਿਆਂ ਨੂੰ ‘the outback’ ਕਿਹਾ ਜਾਂਦਾ ਹੈ, ਅਤੇ ਇਹ ਖ਼ਾਸ ਤੌਰ ਉੱਤੇ ਦੂਰ-ਦੁਰਾਡੇ ਅਤੇ ਕਠੋਰ ਵਾਤਾਵਰਣ ਵਾਲੇ ਹਨ। ਆਸਟ੍ਰੇਲੀਆ ਵਿੱਚ, ਪਾਣੀ ਇੱਕ ਬਹੁਤ ਕੀਮਤੀ ਸਾਧਨ ਹੈ।
ਇੰਨਾ ਵੱਡਾ ਦੇਸ਼ ਹੋਣ ਕਰਕੇ, ਆਸਟ੍ਰੇਲੀਆ ਵਿੱਚ ਅਜਿਹੇ ਖੇਤਰ ਹਨ ਜਿਨ੍ਹਾਂ ਦਾ ਮੌਸਮ ਕਾਫ਼ੀ ਵੱਖਰਾ ਹੈ। ਆਸਟ੍ਰੇਲੀਆ ਦੇ ਉੱਤਰ ਵਿੱਚ ਗਰਮ-ਖੰਡੀ ਖੇਤਰ ਹਨ ਅਤੇ ਵਿਚਕਾਰ ਰੇਗਿਸਤਾਨ ਹਨ। ਦੱਖਣ ਵਿੱਚ, ਤਾਪਮਾਨ ਪਹਾੜੀ ਬਰਫ਼ ਵਾਲੀਆਂ ਠੰਢੀਆਂ ਸਰਦੀਆਂ ਤੋਂ ਲੈ ਕੇ ਗਰਮੀਆਂ ਵਿੱਚ ਖ਼ੁਸ਼ਕ ਲੂ ਤੱਕ ਬਦਲ ਸਕਦਾ ਹੈ।
ਛੇ ਰਾਜਾਂ ਅਤੇ ਦੋ ਮੁੱਖ-ਭੂਮੀ ਟੈਰੀਟਰੀਆਂ ਤੋਂ ਇਲਾਵਾ, ਆਸਟ੍ਰੇਲੀਆਈ ਸਰਕਾਰ ਹੇਠ ਲਿਖੀਆਂ ਟੈਰੀਟਰੀਆਂ ਦਾ ਪ੍ਰਬੰਧ ਵੀ ਕਰਦੀ ਹੈ:
• ਐਸ਼ਮੋਰ ਅਤੇ ਕਾਰਟੀਅਰ ਟਾਪੂ (Ashmore and Cartier Islands)
• ਕ੍ਰਿਸਮਸ ਟਾਪੂ (Christmas Island)
• ਕੋਕੋਸ (ਕੀਲਿੰਗ) ਟਾਪੂ (the Cocos (Keeling) Islands)
• ਜਰਵਿਸ ਬੇਅ ਟੈਰੀਟਰੀ (Jervis Bay Territory)
• ਕੋਰਲ ਸੀ ਟਾਪੂ (the Coral Sea Islands)
• ਆਸਟ੍ਰੇਲੀਆਈ ਅੰਟਾਰਕਟਿਕ ਟੈਰੀਟਰੀ ਵਿੱਚ ਹਰਡ ਟਾਪੂ ਅਤੇ ਮੈਕਡੋਨਲਡ ਟਾਪੂ (Heard Island and McDonald Islands in the Australian Antarctic Territory)
• ਨੋਰਫ਼ੌਕ ਟਾਪੂ (Norfolk Island)।
ਸਰਕਾਰੀ ਪੁਸਤਿਕਾ Australian Citizenship: Our Common Bond ਤੋਂ